ਕੌਮਾਂਤਰੀ ਰੈਡ ਕਰਾਸ ਦਿਵਸ ਮੌਕੇ ਲਗਾਇਆ ਮੈਡੀਕਲ ਚੈੱਕ ਅਪ ਕੈਂਪ
ਦਲਜੀਤ ਕੌਰ
ਸੰਗਰੂਰ, 8 ਮਈ, 2024: ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕੌਮਾਂਤਰੀ ਰੈਡ ਕਰਾਸ ਦਿਵਸ ਮੌਕੇ ਸਰਕਾਰੀ ਰਾਜ ਸੀਨੀਅਰ ਸੈਕਡਰੀ ਸਕੂਲ ਸੰਗਰੂਰ ਵਿਖੇ ਮੁਫ਼ਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਜੀ ਵੱਲੋਂ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਲਿਆ ਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆਂ ਆਦਤਾਂ ‘ਚ ਸੁਧਾਰ ਅਤੇ ਨਿਯਮਿਤ ਸਰੀਰਕ ਵਰਜਿਸ਼ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕਈ ਜਾਨਲੇਵਾ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਦਿਵਸ ਇਸ ਦੇ ਬਾਨੀ ਸਰ ਜੀਨ ਡੂਨਾਟ ਦੇ ਜਨਮਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਹੈ ਉੱਥੇ ਹੀ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਕੁਦਰਤੀ ਆਫ਼ਤਾਂ ,ਹੜਾ ,ਸੋਕੇ, ਭੁਚਾਲ ਅਤੇ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਹੈ। ਉਹਨਾਂ ਕਿਹਾ ਕਿ ਭਾਈ ਘਨਈਆ ਜੀ ਨੇ ਵੀ ਜਖਮੀਆਂ ਨੂੰ ਪਾਣੀ ਪਿਲਾ ਅਤੇ ਮਰਹਮ ਪੱਟੀਆਂ ਕਰ ਕੇ ਮਨੁੱਖਤਾ ਦੀ ਸੇਵਾ ਕੀਤੀ ਸੀ। ਅੱਜ ਵੀ ਰੈਡ ਕਰਾਸ ਸੋਸਾਇਟੀਆਂ ਮਨੁੱਖਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣ ਕੇ ਦੁਖੀ ਦੀ ਸੇਵਾ ਦਾ ਸੰਦੇਸ਼ ਘਰ ਘਰ ਪਹੁੰਚਾ ਰਹੀਆਂ ਹਨ।
ਇਸ ਮੌਕੇ ਡਾ. ਰਾਹੁਲ ਗੁਪਤਾ, ਡਾ. ਕਰਮਦੀਪ ਸਿੰਘ ਕਾਹਲ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਮੈਡੀਕਲ ਚੈੱਕ ਅਪ ਵੀ ਕੀਤਾ ਗਿਆ। ਇਸ ਮੌਕੇ ਨੈਸ਼ਨਲ ਨਰਸਿੰਗ ਕਾਲਜ ਸੰਗਰੂਰ ਦੇ ਚੇਅਰਮੈਨ ਸ੍ਰੀ ਸ਼ਿਵ ਆਰੀਆ, ਪ੍ਰਿੰਸੀਪਲ ਡਾ ਪਰਮਜੀਤ ਕੌਰ ਗਿੱਲ, ਹਰਜੀਤ ਸਿੰਘ ਢੀਂਗਰਾ ਡਾਇਰੈਕਟਰ ਧੀ ਪੰਜਾਬਣ ਮੰਚ ਸੰਗਰੂਰ, ਸ੍ਰੀਮਤੀ ਕੁਲਵਿੰਦਰ ਕੌਰ ਢੀਂਗਰਾ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅੰਜੂ ਸਿੰਗਲਾ ਅਤੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਸਮੇਤ ਸਖਸ਼ੀਅਤਾਂ ਮੌਜੂਦ ਸਨ।