ਆਪ ਤੇ ਕਾਂਗਰਸ ਨੂੰ ਲੋਕਾਂ ਨੇ ਨਕਾਰਿਆ: ਗੋਲਡੀ
- ਪਿੰਡਾਂ ’ਚ ਚੋਣ ਸਭਾਵਾਂ ਨੂੰ ਕੀਤਾ ਸੰਬੋਧਨ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 14 ਜਨਵਰੀ, 2022: ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਸਿਖ਼ਰ ਤੇ ਪਹੁੰਚ ਚੁੱਕੀ ਹੈ, ਪਿੰਡਾਂ ਤੇ ਸ਼ਹਿਰਾਂ ਦੇ ਵੋਟਰਾਂ ਦਾ ਵੱਡਾ ਜਨ ਸਮਰਥਨ ਮਿਲ ਰਿਹਾ ਹੈ। ਅੱਜ ਵਿਨਰਜੀਤ ਗੋਲਡੀ ਵੱਲੋਂ ਆਲੋਅਰਖ, ਬਖ਼ਤੜੀ, ਬਖ਼ਤੜਾ, ਬਖੋਪੀਰ, ਸੰਗਤਪੁਰਾ, ਗਹਿਲਾਂ ਅਤੇ ਭਵਾਨੀਗੜ੍ਹ ਸ਼ਹਿਰੀ ਆਦਿ ਥਾਵਾਂ ਤੇ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ।
ਵੱਖ ਵੱਖ ਪਿੰਡਾਂ ਵਿੱਚ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ: ਗੋਲਡੀ ਨੇ ਕਿਹਾ ਕਿ ਲੋਕਾਂ ਨੇ ਆਪ ਤੇ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਭਰਮਾਇਆ ਹੀ ਹੈ। ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਸਾਰਿਆਂ ਦੇ ਸਾਹਮਣੇ ਹੈ, ਭਾਜਪਾ ਨੇ 700 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਕਰਵਾਈ ਹੈ ਜਿਸ ਕਾਰਨ ਪੰਜਾਬ ਦੇ ਲੋਕ ਇਹਨਾਂ ਤਿੰਨੇ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ।
ਸ਼੍ਰੀ ਗੋਲਡੀ ਨੇ ਪਿੰਡਾਂ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਤਣ ਉਪਰੰਤ ਉਹ ਪਿੰਡਾਂ ਦੇ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਪਿੰਡਾਂ ਦੇ ਲੋਕਾਂ ਨੇ ਵਿਨਰਜੀਤ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਣ ਦਾ ਵਿਸ਼ਵਾਸ ਦਿਵਾਇਆ।