ਕ੍ਰਿਸਚਨ ਆਗੂ ਸੈਮੁਅਲ ਸੋਨੀ ਨੇ ਚੋਣ ਪ੍ਰਚਾਰ ਦਾ ਕੀਤਾ ਆਗਾਜ਼
ਰੋਹਿਤ ਗੁਪਤਾ
ਗੁਰਦਾਸਪੁਰ 26 ਅਪ੍ਰੈਲ 2024- ਸਮੁੱਚੇ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਜੇਕਰ ਗੱਲ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਕਰੀਏ ਤਾਂ ਇਥੋਂ ਨੌਜਵਾਨ ਪੜੇ ਲਿਖੇ ਕ੍ਰਿਸਚਨ ਆਗੂ ਸੈਮੂਅਲ ਸੋਨੀ ਨੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਸੈਮੂਅਲ ਸੋਨੀ ਫਤਿਹਗੜ੍ਹ ਚੂੜੀਆਂ ਦੇ ਜੰਮਪਲ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਜੁੜੇ ਹੋਣ ਕਰਕੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਇੱਕ ਵੱਖਰੀ ਪਹਿਚਾਣ ਹੈ। ਇਹਨਾਂ ਵੱਲੋਂ ਬੀਤੇ ਦਿਨ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਗੱਲਬਾਤ ਦੌਰਾਨ ਸੈਮੂਅਲ ਸੋਨੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਵੱਖ-ਵੱਖ ਰਵਾਇਤੀ ਪਾਰਟੀਆਂ ਨੇ ਮਸੀਹ ਭਾਈਚਾਰੇ ਨੂੰ ਚੋਣਾਂ ਦੇ ਸਮੇਂ ਵਰਤਿਆ ਅਤੇ ਬਾਅਦ ਵਿੱਚ ਕਿਸੇ ਨੇ ਵੀ ਮਸੀਹ ਭਾਈਚਾਰੇ ਦੀ ਸਾਰ ਨਹੀਂ ਲਈ। ਮਸੀਹ ਭਾਈਚਾਰੇ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਹਨ,ਜਿਨਾਂ ਦੇ ਹੱਲ ਲਈ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਸੋਨੀ ਨੇ ਕਿਹਾ ਕਿ ਉਹਨਾਂ ਨੂੰ ਜਿੱਥੇ ਮਸੀਹ ਭਾਈਚਾਰੇ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਉਥੇ ਹੀ ਵੱਖ-ਵੱਖ ਬਾਕੀ ਭਾਈਚਾਰਿਆਂ ਦੇ ਲੋਕ ਵੀ ਉਹਨਾਂ ਨੂੰ ਬਹੁਤ ਪਿਆਰ ਦੇ ਰਹੇ ਹਨ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਮਸੀਹ ਭਾਈਚਾਰੇ ਦੀ ਲੱਖਾਂ ਦੀ ਗਿਣਤੀ ਚ ਵੋਟਾਂ ਹਨ,ਖਾਸ ਤੌਰ ਤੇ ਹਲਕਾ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਬਟਾਲਾ ਤੇ ਹਲਕਾ ਕਾਦੀਆਂ ਦੇ ਵਿੱਚ ਵੱਡੀ ਗਿਣਤੀ ਚ ਮਸੀਹ ਭਾਈਚਾਰੇ ਦੇ ਵੋਟਰ ਹਨ।ਸੈਮੂਅਲ ਸੋਨੀ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਮਸੀਹ ਭਾਈਚਾਰੇ ਦੇ ਨਾਲ ਜਰੂਰਤਮੰਦ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਲੋਕ ਉਨਾਂ ਨੂੰ ਇਸ ਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਚ ਜੇਤੂ ਕਰਵਾ ਕੇ ਦੇਸ਼ ਦੀ ਸੰਸਦ ਵਿੱਚ ਭੇਜਣਗੇ ਤਾਂ ਉਹ ਗੁਰਦਾਸਪੁਰ ਜਿਲੇ ਦੀ ਬੇਰੋਜ਼ਗਾਰੀ ,ਨਸ਼ਾਖੋਰੀ ਤੇ ਇੰਡਸਟਰੀ ਦੇ ਲਈ ਵੱਡੇ ਯਤਨ ਕਰਨਗੇ।