ਕੂੜੇ ਦਾ ਡੰਪ ਮਾਮਲਾ: ਪੰਜ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਹਾਈਕੋਰਟ ਦਾ ਰੁਖ ਕਰਨ ਦਾ ਕੀਤਾ ਐਲਾਨ
ਰਵਿੰਦਰ ਢਿੱਲੋਂ
ਖੰਨਾ, 7 ਮਈ 2024 - ਖੰਨਾ ਦੇ ਪਿੰਡ ਰਸੂਲੜਾ ਨੇੜੇ ਬਣੇ ਨਗਰ ਕੌਂਸਲ ਦੇ ਕੂੜੇ ਦੇ ਡੰਪ ਖਿਲਾਫ ਕਾਫੀ ਸਮੇਂ ਤੋਂ ਚੱਲ ਰਿਹਾ ਸੰਘਰਸ਼ ਹੁਣ ਆਰ-ਪਾਰ ਦੀ ਲੜਾਈ ਬਣ ਗਿਆ ਹੈ। ਰਸੂਲੜਾ, ਮਾਜਰੀ, ਬਾਹੋਮਾਜਰਾ, ਲਿਬੜਾ ਤੇ ਇਕੋਲਾਹਾ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਡੰਪ ਖਿਲਾਫ ਹਾਈਕੋਰਟ ਦਾ ਰੁਖ ਕਰਨ ਦਾ ਐਲਾਨ ਕੀਤਾ। ਇਸਦੇ ਨਾਲ ਹੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਉਪਰ ਗੰਭੀਰ ਦੋਸ਼ ਲਾਏ।
ਸਾਬਕਾ ਸਰਪੰਚ ਗੁਰਦੀਪ ਸਿੰਘ ਰਸੂਲੜਾ ਤੇ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਔਜਲਾ ਨੇ ਕਿਹਾ ਕਿ ਨਗਰ ਕੌਂਸਲ ਨੇ 1997-98 ਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਲਈ ਜਮੀਨ ਐਕਵਾਇਰ ਕੀਤੀ ਸੀ। ਹੌਲੀ ਹੌਲੀ ਇੱਥੇ ਕੂੜਾ ਸੁੱਟਣਾ ਵੀ ਸ਼ੁਰੂ ਕਰ ਦਿੱਤਾ। ਹੁਣ ਇੱਥੇ ਕੂੜੇ ਦੇ ਪਹਾੜ ਬਣ ਗਏ ਹਨ। ਕੂੜਾ ਸੁੱਟਣ ਵਾਲੇ ਠੇਕੇਦਾਰ ਦੇ ਕਹਿਣ ਉਪਰ ਖੁਦ ਹੀ ਅੱਗ ਲਾਉਂਦੇ ਹਨ ਅਤੇ ਜਹਿਰੀਲਾ ਧੂੰਆਂ ਜਾਨਲੇਵਾ ਬੀਮਾਰੀਆਂ ਫੈਲਾ ਰਿਹਾ ਹੈ। ਪਿਛਲੇ ਦਿਨੀਂ ਵੀ ਕੂੜੇ ਨੂੰ ਅੱਗ ਲਾਈ ਗਈ ਸੀ ਤਾਂ ਰਾਤ ਦੇ ਸਮੇਂ ਹਨ੍ਹੇਰੀ ਚੱਲਣ ਨਾਲ ਆਲੇ ਦੁਆਲੇ ਹਜਾਰਾਂ ਏਕੜ ਕਣਕ ਦੀ ਫਸਲ ਸੜਨ ਦੀ ਤਿਆਰੀ ਸੀ। ਕਿਸਾਨਾਂ ਨੇ ਆਪਣਾ ਬਚਾਅ ਖੁਦ ਕੀਤਾ ਉਹਨਾਂ ਕਿਹਾ ਕਿ ਨਗਰ ਕੌਂਸਲ ਦੀ ਲਾਪਰਵਾਹੀ ਨਾਲ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ। ਹੁਣ ਕੂੜਾ ਸੁੱਟਣਾ ਬੰਦ ਕਰਵਾ ਦਿੱਤਾ ਹੈ। ਪ੍ਰੰਤੂ ਜਦੋਂ ਤੱਕ ਕੂੜੇ ਦੇ ਡੰਪ ਚੁੱਕਿਆ ਨਹੀਂ ਜਾਂਦਾ ਉਹ ਸੰਘਰਸ਼ ਜਾਰੀ ਰੱਖਣਗੇ। ਜੇਕਰ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਹਾਈਕੋਰਟ ਦਾ ਸਹਾਰਾ ਲਿਆ ਜਾਵੇਗਾ। ਪਿੰਡਵਾਸੀਆਂ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਜਦੋਂ ਲੋਕਾਂ ਨੇ ਧਰਨਾ ਲਾਇਆ ਸੀ ਤਾਂ ਉਸ ਸਮੇਂ ਦੀ ਐਸਡੀਐਮ ਮਨਜੀਤ ਕੌਰ ਨੇ ਪਿੰਡਵਾਸੀਆਂ ਨੂੰ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਕੋਈ ਹੱਲ ਨਹੀਂ ਹੋਇਆ। ਉਥੇ ਹੀ ਰੋਜ਼ਾਨਾ ਇਸ ਰਸਤੇ ਚੋਂ ਲੰਘਣ ਵਾਲੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ। ਧੂੰਏ ਕਾਰਨ ਕੁੱਝ ਵੀ ਦਿਖਾਈ ਨਹੀਂ ਦਿੰਦਾ। ਇਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ।