ਪੀ.ਏ.ਯੂ. ਮਾਹਿਰਾਂ ਨੇ ਕਿਸਮਾਂ ਅਨੁਸਾਰ ਪਨੀਰੀ ਦੀ ਬਿਜਾਈ ਅਤੇ ਝੋਨੇ ਦੀ ਲੁਆਈ ਬਾਰੇ ਸੁਝਾਅ ਦਿੱਤੇ
ਲੁਧਿਆਣਾ 7 ਮਈ 2024 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਤ ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੰਜਾਬ ਵਿੱਚ ਤਕਰੀਬਨ 70% ਤੋਂ ਵੱਧ ਰਕਬੇ ਉੱਪਰ ਲਗਾਈਆਂ ਜਾਂਦੀਆਂ ਹਨ|ਇਹ ਕਿਸਮਾਂ ਸਿੰਚਾਈ ਵਾਲੇ ਪਾਣੀ ਦੀ ਬਚਤ ਕਰਦੀਆਂ ਹਨ ਕਿਉਂਕਿ ਇਹ ਮੌਨਸੂਨ ਦੀ ਸ਼ੁਰੂਆਤ ਦੇ ਨੇੜੇ ਲਗਾਏ ਜਾਣ ’ਤੇ ਵਧੀਆ ਝਾੜ ਦਿੰਦੀਆਂ ਹਨ|
ਝੋਨੇ ਦੀਆਂ ਕਿਸਮਾਂ ਪੀ ਆਰ 131, 129, 128, 121, 114 ਅਤੇ 113 ਦੀ ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਤੋਂ 25 ਮਈ ਤੱਕ ਹੈ|ਪੀ ਆਰ, 130, 127 ਅਤੇ ਐੱਚ.ਕੇ.ਆਰ 47 ਕਿਸਮਾਂ ਲਈ ਪਨੀਰੀ ਦੀ ਬਿਜਾਈ 25 ਤੋਂ 31 ਮਈ ਤੱਕ ਕਰਨੀ ਚਾਹੀਦੀ ਹੈ|ਜਦਕਿ, ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਪੀ ਆਰ 126 ਦੇ ਮਾਮਲੇ ਵਿੱਚ, ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 25 ਮਈ ਤੋਂ 20 ਜੂਨ ਤੱਕ ਹੈ|
ਝੋਨੇ ਦੀਆਂ ਇਹਨਾਂ ਕਿਸਮਾਂ ਦੀ ਲੁਆਈ ਨੂੰ 20 ਜੂਨ ਤੋਂ ਅੱਧ ਜੁਲਾਈ ਤੱਕ ਵੰਡਿਆ ਜਾ ਸਕਦਾ ਹੈ| ਝੋਨੇ ਦੀ ਲੁਆਈ ਸਮੇਂ ਪੀ ਆਰ 126 ਦੀ 25-30 ਦਿਨ ਦੀ ਪਨੀਰੀ ਵਰਤੋ ਜਦਕਿ ਬਾਕੀ ਕਿਸਮਾਂ ਦੀ 30-35 ਦਿਨ ਦੀ ਪਨੀਰੀ ਵਰਤੋ | 25 ਜੂਨ ਦੇ ਆਸ-ਪਾਸ ਲਗਾਏ ਜਾਣ ਨਾਲ ਜ਼ਿਆਦਾਤਰ ਕਿਸਮਾਂ ਦਾ ਸਭ ਤੋਂ ਵੱਧ ਝਾੜ ਮਿਲਦਾ ਹੈ ਜਦੋਂ ਕਿ ਪੀਆਰ 126 ਦੀ ਲੁਆਈ 10 ਜੁਲਾਈ ਤੱਕ ਕਰਨ ਨਾਲ ਹੋਰ ਵੀ ਵਧੀਆ ਝਾੜ ਮਿਲਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ| ਪੀ ਆਰ 126 ਦੀ ਲੁਆਈ ਜੂਨ ਵਿੱਚ ਤਾਂ ਹੀ ਕੀਤੀ ਜਾਵੇ ਜੇਕਰ ਕਿਸਾਨ ਝੋਨੇ ਤੋਂ ਬਾਅਦ ਆਲੂ/ਮਟਰ ਬੀਜਣਾ ਚਾਹੁੰਦੇ ਹੋਣ|
ਪੀ.ਏ.ਯੂ. ਦੀਆਂ ਸਿਫ਼ਾਰਸ਼ ਕਿਸਮਾਂ ਘੱਟ ਖੇਤੀ ਲਾਗਤਾਂ, ਘੱਟ ਸਿੰਚਾਈ ਵਾਲੇ ਪਾਣੀ ਦੀਆਂ ਲੋੜਾਂ ਦੇ ਨਾਲ ਨਾਲ ਵਧੀਆ ਝਾੜ ਅਤੇ ਮੁਨਾਫਾ ਦਿੰਦੀਆਂ ਹਨ | ਇਹ ਕਿਸਮਾਂ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਖੇਤ ਨੂੰ ਸਮੇਂ ਸਿਰ ਖਾਲੀ ਵੀ ਕਰ ਦਿੰਦੀਆਂ ਹਨ|