ਰੋਪੜ ਦੇ ਐਮ.ਸੀ. ਸਲੀਮ ਕੁਮਾਰ ਮਿੰਨੀ ਨੇ ਫੜਿਆ ਆਪ ਦਾ ਝਾੜੂ
ਹਰੀਸ਼ ਕਾਲੜਾ
ਰੂਪਨਗਰ, 14 ਜਨਵਰੀ 2022:ਰੋਪੜ ਹਲਕੇ ਤੋਂ ਆਪ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਦਾ ਕਾਫਲਾ ਦਿਨੋਂ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਰੋਪੜ ਦੇ ਤੇਜ਼ ਤਰਾਰ ਸਾਬਕਾ ਕੌਂਸਲਰ ਸਲੀਮ ਕੁਮਾਰ ਮਿੰਨੀ ਨੇ ਸ੍ਰੀ ਚੱਢਾ ਦੀ ਅਗਵਾਈ ਹੇਠ ਆਪ ਦਾ ਪੱਲਾ ਫੜਿਆ। ਦੱਸਣਯੋਗ ਹੈ ਕਿ ਸਾਬਕਾ ਕੌਂਸਲਰ ਮਿੰਨੀ ਨੇ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਸੀ ਅਤੇ ਲੋਕਾਂ ਦੇ ਭਾਰੀ ਸਮਰਥਨ ਨਾਲ ਉਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ।
ਆਪ ਵਿਚ ਉਨ੍ਹਾਂ ਦਾ ਰਸਮੀ ਤੌਰ ਤੇ ਦਿਨੇਸ਼ ਚੱਢਾ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ। ਸ੍ਰੀ ਮਿੰਨੀ ਨੇ ਕਿਹਾ ਕਿ ਉਹ ਨੌਜਵਾਨ ਹੋਣ ਦੇ ਨਾਤੇ ਰਵਾਇਤੀ ਪਾਰਟੀ ਦੀਆਂ ਬੇਤੁਕੀ ਨੀਤੀਆਂ ਅਤੇ ਫੁੱਟ ਕਲੇਸ਼ ਤੋਂ ਤੰਗ ਹੋ ਕੇ ਆਪ ਵਿਚ ਸ਼ਾਮਲ ਹੋ ਰਹੇ ਹਨ, ਰਵਾਇਤੀ ਪਾਰਟੀਆਂ ਨੇ ਰੋਪੜ ਹਲਕੇ ਲਈ ਕੁਝ ਨਹੀਂ ਕੀਤਾ। ਸ਼ਹਿਰ ਦੇ ਪਾਸ਼ ਖੇਤਰ ਅਤੇ ਇੱਥੋਂ ਤੱਕ ਕਿ ਪੁਰਾਤਨ ਇਲਾਕੇ ਵੀ ਸਾਫ ਪਾਣੀ, ਸੁਚਾਰੂ ਸੀਵਰੇਜ ਸੁਵਿਧਾ ਅਤੇ ਪੱਕੀਆਂ ਸੜਕਾਂ-ਨਾਲੀਆਂ ਤੋਂ ਵਾਂਝੇ ਹਨ ਪਰ ਹੁਣ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਬਦਲਾਅ ਬਿਨਾਂ ਹਲਕੇ ਦਾ ਵਿਕਾਸ ਸੰਭਵ ਨਹੀਂ ਇਸ ਲਈ ਹੁਣ ਉਹ ਸ੍ਰੀ ਚੱਢਾ ਦੀ ਅਗਵਾਈ ਹੇਠ ਵਿਕਾਸ ਕਰਵਾਉਣ ਲਈ ਯਤਨਸ਼ੀਲ ਹੋਣਗੇ ਅਤੇ ਖਾਸ ਕਰਕੇ ਨੌਜਵਾਨਾਂ ਦੇ ਹੱਕ ਸੱਚ ਤੇ ਪਹਿਰਾ ਦੇਣਗੇ।
ਇਸ ਮੌਕੇ ਸ੍ਰੀ ਚੱਢਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਿੱਥੇ ਰਵਾਇਤੀ ਪਾਰਟੀਆਂ ਨਸ਼ਿਆਂ ਅਤੇ ਪੈਸਿਆਂ ਦੇ ਬੱਲ ਤੇ ਆਪਣੀ ਚੋਣ ਮੁਹਿੰਮ ਚਲਾ ਰਹੀਆਂ ਹਨ ਉੱਥੇ ਹੀ ਆਪ ਦਾ ਕਾਫਲਾ ਖੁਦ ਬ ਖੁਦ ਹੀ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਹਮਖਿਆਲੀ ਲੋਕ ਆਪ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਜੋ ਕਿ ਹਾਲੇ ਤੀਕਰ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਚਿਹਰਿਆਂ ਨੂੰ ਲੈ ਕੇ ਹੀ ਉਲਝੀ ਪਈ ਹੈ ਉਸ ਨੇ ਲੋਕਾਂ ਬਾਰੇ ਤਾਂ ਕੀ ਸੋਚਣਾ? ਇਸ ਲਈ ਉਨ੍ਹਾਂ ਨੇ ਆਪ ਦੇ ਹਰੇਕ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਵੱਧ ਤੋਂ ਵੱਧ ਇਸ ਕਾਫਲੇ ਦਾ ਹਿੱਸਾ ਬਣੋ ਅਤੇ ਇੱਕ ਮੌਕਾ ਆਮ ਆਮਦੀ ਪਾਰਟੀ ਨੂੰ ਦਿਓ।