ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਹੁਕਮ
- ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਖ਼ਿਲਾਫ਼ ਨਿੱਜੀ ਬਿਆਨਬਾਜ਼ੀ ਤੋਂ ਗ਼ੁਰੇਜ਼ ਕੀਤਾ ਜਾਵੇ
ਨਵਾਂਸ਼ਹਿਰ, 22 ਜਨਵਰੀ 2022 - ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅਗਲੇ ਦਿਨਾਂ ਵਿੱਚ ਨਾਮਜ਼ਦਗੀ ਅਮਲ ਸ਼ੁਰੂ ਹੋਣ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਸਮੂਹ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬੜੇ ਹੀ ਧਿਆਨ ਨਾਲ ਕਰਨ।
ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਚੋਣ ਮੁਹਿੰਮ ਚ ਸੋਸ਼ਲ ਮੀਡੀਆ ਦੀ ਵਰਤੋਂ ਵਧ ਜਾਣ ਕਾਰਨ ਰਾਜਨੀਤਿਕ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਵੱਲੋਂ ਪ੍ਰਚਾਰ ਦੇ ਹੋਰ ਮਾਧਿਅਮਾਂ ਦੇ ਨਾਲ ਨਾਲ ਇਸ ਮਾਧਿਅਮ ਨੂੰ ਵੀ ਪੂਰੀ ਤਰਾਂ ਵਰਤੋਂ ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਪਾਰਟੀਆਂ, ਸੰਭਾਵੀ ਉਮੀਦਵਾਰ ਅਤੇ ਉਨ੍ਹਾਂ ਦੇ ਸਮਰੱਥਕ ਇਸ ਗੱਲ ਨੂੰ ਯਕੀਨੀ ਬਣਾ ਕੇ ਰੱਖਣ ਕਿ ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਖਿਲਾਫ਼ ਨਿੱਜੀ ਬਿਆਨਬਾਜ਼ੀ ਤੋਂ ਗ਼ੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਿਹਤਮੰਦ ਲੋਕਤੰਤਰ ਵਿੱਚ ਨਿੱਜੀ ਜਾਂ ਵਰਗ ਵਿਸ਼ੇਸ਼ ਦੀ ਆਲੋਚਨਾ ਜਾਂ ਨਫ਼ਰਤੀ ਭਾਸ਼ਨਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ ਨਾਲ ਸੋਸ਼ਲ ਮੀਡੀਆ ਦੀ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਲਈ ਬਾਕਾਇਦਾ ਮੀਡੀਆ ਮੋਨੀਟਰਿੰਗ ਤੇ ਸਰਟੀਫਿਕੇਸ਼ਨ ਸੈੱਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਗਰਮ ਕਿਸੇ ਵੀ ਸਿਆਸੀ ਪਾਰਟੀ ਜਾਂ ਰਾਜਨੀਤਕ ਵਿਅਕਤੀ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਦੀ ਪੂਰੀ ਗੰਭੀਰਤਾ ਨਾਲ ਪੁਣ - ਛਾਣ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਵੀ ਰਾਜਨੀਤਕ ਪਾਰਟੀ ਜਾਂ ਸਿਆਸੀ ਵਿਅਕਤੀ ਇਸ ਵਿਚ ਸ਼ਾਮਿਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਨੇ ਸੰਭਾਵੀ ਉਮੀਦਵਾਰਾਂ/ਸਮਰੱਥਕਾਂ/ਰਾਜਸੀ ਪਾਰਟੀਆਂ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਖਾਤਿਆਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਚਲਾਏ ਜਾਣ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਅਸੀਂ ਸਵੈ - ਅਨੁਸ਼ਾਸਨ ਰੱਖ ਕੇ ਚੱਲਾਂਗੇ ਤਾਂ ਹੀ ਸਿਹਤਮੰਦ ਲੋਕਤੰਤਰੀ ਮਾਹੌਲ ਸਿਰਜ ਕੇ ਭਾਈਚਾਰਕ ਏਕਤਾ ਨੂੰ ਕਾਇਮ ਰੱਖ ਸਕਾਂਗੇ।