ਚੰਡੀਗੜ੍ਹ, 14 ਨਵੰਬਰ 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਏਜੰਡੇ ਦਾ ਖੁਲਾਸਾ ਕਰਨ ਵਾਸਤੇ ਕਿਹਾ ਹੈ। ਜਿਨ੍ਹਾਂ ਨੇ ਬਾਦਲ ਤੋਂ ਭਰੋਸਾ ਮੰਗਿਆ ਹੈ ਕਿ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤੇ ਗਏ ਕਿਸੇ ਵੀ ਕਾਨੂੰਨ ਨੂੰ ਰਾਜਪਾਲ ਤੇ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਮਨਜ਼ੂਰੀ ਮਿਲੇਗੀ।
ਇਸ ਲੜੀ ਹੇਠ ਬਾਦਲ ਦੀ ਕਾਂਗਰਸ ਨੂੰ 16 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈਣ ਦੀ ਅਪੀਲ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਜਾਣਨਾ ਚਾਹਿਆ ਹੈ ਕਿ ਕੀ ਅਕਾਲੀ ਸਰਕਾਰ ਨੇ ਉਕਤ ਮਾਮਲੇ 'ਚ ਰਾਜਪਾਲ ਸਮੇਤ ਆਪਣੀ ਗਠਜੋੜ ਸਾਂਝੇਦਾਰ ਭਾਜਪਾ ਤੋਂ ਮਨਜ਼ੂਰੀ ਲਈ ਹੈ, ਤਾਂ ਜੋ ਉਹ ਐਸ.ਵਾਈ.ਐਲ ਉਪਰ ਨਵੇਂ ਕਾਨੂੰਨ ਰਾਹੀਂ ਪਾਣੀਆਂ 'ਤੇ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰ ਸਕਣ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਹਮੇਸ਼ਾ ਤੋਂ ਸੂਬੇ ਦੇ ਪਾਣੀ ਨੂੰ ਬਚਾਉਣ ਖਾਤਿਰ ਸਰਕਾਰ ਦੇ ਹਰ ਕਦਮ ਦਾ ਸਮਰਥਨ ਕੀਤਾ ਹੈ, ਪਰ ਇਸ ਮਾਮਲੇ 'ਚ ਸਰਕਾਰ ਦਾ ਕੋਈ ਵਿਖਾਵਾ ਨਾ ਹੋ ਕੇ, ਏਜੰਡੇ ਦੀ ਸਪੱਸਟਤਾ ਤੇ ਨਵੇਂ ਕਾਨੂੰਨ ਨੂੰ ਰਾਜਪਾਲ ਵੱਲੋਂ ਮਨਜ਼ੂਰ ਕਰਨ ਦੇ ਭਰੋਸੇ ਬਗੈਰ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈਣ 'ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।
ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਬੀਤੇ ਸੈਸ਼ਨ ਦੌਰਾਨ ਕਾਂਗਰਸ ਦੇ ਸਮਰਥਨ ਨਾਲ ਪਾਸ ਕੀਤੇ ਗਏ ਡੀ-ਐਕਯੁਜਿਸ਼ਨ ਬਿੱਲ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜਿਸ 'ਤੇ ਕੈਪਟਨ ਅਮਰਿੰਦਰ ਨੇ ਬਾਦਲ ਨੂੰ ਸਪੱਸ਼ਟੀਕਰਨ ਦੇਣ ਵਾਸਤੇ ਕਿਹਾ ਹੈ ਕਿ ਕਿਵੇਂ ਉਨ੍ਹਾਂ ਨੇ ਭਾਜਪਾ ਤੇ ਰਾਜਪਾਲ ਨੂੰ ਇਸਨੂੰ ਮਨਜ਼ੂਰ ਕਰਨ ਵਸਤੇ ਰਜਾਮੰਦ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਏਜੰਡੇ ਦੀ ਸਪੱਸ਼ਟਤਾ ਬਗੈਰ ਕਾਂਗਰਸ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈਣ ਨੂੰ ਲੈ ਕੇ ਕੋਈ ਪੱਖ ਨਹੀਂ ਲੈ ਸਕਦੀ। ਜਿਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਪਾਰਟੀ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਲਈ ਸਰਕਾਰ ਨੂੰ ਪੂਰਾ ਸਮਰਥਨ ਦੇਣ ਵਾਸਤੇ ਤਿਆਰ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਬਾਦਲ ਸਰਕਾਰ ਵਿਸ਼ੇਸ਼ ਸੈਸ਼ਨ ਦਾ ਏਜੰਡਾ ਦੱਸਣ ਨੂੰ ਤਿਆਰ ਨਹੀਂ ਹੈ, ਤਾਂ ਉਸਨੂੰ ਵੀ ਕਾਂਗਰਸੀ ਵਿਧਾਇਕਾਂ ਵਾਂਗੂ ਵਿਧਾਨ ਸਭਾ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਸੂਬੇ 'ਚ ਜ਼ਲਦੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ 'ਚ ਅਗਲੇ ਮਹੀਨੇ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਜਿਨ੍ਹਾਂ ਨੇ ਦੁਹਰਾਇਆ ਕਿ ਉਨ੍ਹਾਂ ਦੀ ਪਾਰਟੀ ਦੋ ਤਿਹਾਈ ਬਹੁਮਤ ਨਾਲ ਸੱਤਾ 'ਚ ਆਉਣ ਤੋਂ ਬਾਅਦ ਸੂਬੇ ਦੇ ਹਿੱਤ 'ਚ ਐਸ.ਵਾਈ.ਐਲ ਮੁੱਦੇ ਦਾ ਹੱਲ ਕੱਢੇਗੀ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਮੰਗ ਕੀਤੀ ਹੈ ਕਿ ਕਾਂਗਰਸੀ ਵਿਧਾਇਕਾਂ ਦੇ ਅਸਤੀਫਿਆਂ ਨੂੰ ਜ਼ਲਦੀ ਮਨਜ਼ੂਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਹਿੱਤ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੀ ਇਕੋਮਾਤਰ ਰਸਤਾ ਹੈ। ਜੇ ਬਾਦਲ ਤੇ ਉਨ੍ਹਾਂ ਦੀ ਟੀਮ ਆਪਣੀ ਭਰੋਸੇਮੰਦੀ ਸਾਬਤ ਕਰਨਾ ਚਾਹੁੰਦੇ ਹਨ ਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਲਾਉਣਾ ਚਾਹੁੰਦੇ ਹਨ ਕਿ ਉਹ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਪ੍ਰਤੀ ਗੰਭੀਰ ਹਨ, ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਏਜੰਡਾ ਲੈ ਕੇ ਸਾਹਮਣੇ ਆਉਣਾ ਚਾਹੀਦਾ ਹੈ, ਜਾਂ ਫਿਰ ਪੰਜਾਬ ਦੇ ਹਿੱਤਾਂ ਦੀ ਰਾਖੀ ਖਾਤਿਰ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਰਸਤਾ ਛੱਡਣਾ ਚਾਹੀਦਾ ਹੈ।