ਨਵੀਂ ਦਿੱਲੀ, 2 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਥਿਤ ਵਿਦੇਸ਼ੀ ਜਾਇਦਾਦਾਂ ਦੇ ਮਾਮਲੇ 'ਚ ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ ਖਿਲਾਫ ਕੀਤੀ ਗਈ ਪ੍ਰੋਸੀਕਯੂਸ਼ਨ ਸ਼ਿਕਾਇਤ ਨੂੰ ਬਦਨੀਅਤੀ ਤੇ ਸਿਆਸੀ ਟੀਚੇ ਤੋਂ ਪ੍ਰੇਰਿਤ ਦੱਸ ਕੇ ਖਾਰਿਜ਼ ਕੀਤਾ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ ਖਿਲਾਫ ਵਿਦੇਸ਼ੀ ਜਾਇਦਾਦਾਂ ਦੇ ਮਾਮਲੇ 'ਚ ਪ੍ਰੋਸੀਕਿਊਸ਼ਨ ਸ਼ਿਕਾਇਤ ਕਰਨ ਸਬੰਧੀ ਖ਼ਬਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਵੱਲੋਂ ਦੁਸ਼ਮਣੀ ਦੀ ਸਿਆਸਤ ਹੇਠ ਕਰਵਾਈ ਗਈ ਕਾਇਰਤਾਪੂਰਨ ਕਾਰਵਾਈ ਹੈ, ਜੋ ਕਾਨੂੰਨ ਦੀ ਅਦਾਲਤ 'ਚ ਨਹੀਂ ਟਿੱਕ ਸਕੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਹੁਣ ਮਾਮਲਾ ਅਦਾਲਤ 'ਚ ਹੈ ਅਤੇ ਜੇਤਲੀ ਵੱਲੋਂ ਸਿਆਸੀ ਦੁਸ਼ਮਣੀ ਦੇ ਅਸਲੀ ਰੰਗ ਤੇ ਨਿਰਦੇਸ਼ਾਂ ਦਾ ਭਾਂਡਾਫੋੜ ਹੋ ਜਾਵੇਗਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਅਦਾਲਤ ਤੋਂ ਵਿੱਤ ਮੰਤਰੀ ਤੇ ਇਨਕਮ ਟੈਕਸ ਵਿਭਾਗ ਦੇ ਹੋਰ ਸੀਨੀਅਰ ਅਫਸਰਾਂ ਨੂੰ ਸੰਮਨ ਭੇਜਣ ਦੀ ਅਪੀਲ ਕਰਨਗੇ, ਤਾਂ ਜੋ ਇਸ ਸਾਜਿਸ਼ 'ਚ ਹਿੱਸੇਦਾਰ ਲੋਕਾਂ ਦੀ ਸੱਚਾਈ ਸਾਹਮਣੇ ਲਿਆਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਉਹ ਬੀਤੇ ਦੋ ਸਾਲਾਂ ਤੋਂ ਰੱਚੀ ਜਾ ਰਹੀ ਇਸ ਸਾਜਿਸ਼ ਤੋਂ ਜਾਣੂ ਹਨ ਅਤੇ ਇਨ੍ਹਾਂ ਸਾਰਿਆਂ ਲੋਕਾਂ ਦਾ ਭਾਂਡਾਫੋੜ ਕਰਨ ਲਈ ਇਸ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਲੜਨ ਸਬੰਧੀ ਉਨ੍ਹਾਂ ਦੀ ਚੁਣੌਤੀ ਦੇ ਜਵਾਬ 'ਚ ਜੇਤਲੀ ਦੀ ਪ੍ਰਤੀਕ੍ਰਿਆ ਆਉਣ ਦੀ ਉਮੀਦ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀਅ ਵਿਦੇਸ਼ੀ ਜਾਇਦਾਦਾਂ ਦਾ ਭਰਮ ਪੈਦਾ ਕੀਤਾ ਸੀ, ਜਿਨ੍ਹਾਂ ਚੋਣਾਂ 'ਚ ਜੇਤਲੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰੀ ਅੰਤਰ ਨਾਲ ਹਾਰ ਗਏ ਸਨ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਮੁੱਦਾ ਵੀ ਜੇਤਲੀ ਨੂੰ ਸ਼ਰਮਨਾਕ ਹਾਰ ਤੋਂ ਬਚਾਉਣ 'ਚ ਮਦੱਦਗਾਰ ਸਾਬਤ ਨਹੀਂ ਹੋ ਸਕਿਆ ਸੀ।
ਕੈਪਟਨ ਅਮਰਿੰਦਰ ਨੇ ਕਿਹ ਕਿ ਇਥੋਂ ਤੱਕ ਕਿ ਈ.ਡੀ. ਤੇ ਇਨਕਮ ਟੈਕਸ ਵਿਭਾਗ ਜੇਤਲੀ ਦੇ ਇਸ਼ਾਰੇ 'ਤੇ ਕੰਮ ਕਰਦਿਆਂ, ਬੀਤੇ ਦੋ ਸਾਲਾਂ ਦੌਰਾਨ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਖਿਲਾਫ ਕੋਈ ਸਬੂਤ ਪੈਦਾ ਕਰਨ 'ਚ ਨਾਕਾਮ ਰਹੇ ਹਨ।
ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਇਨਕਮ ਟੈਕਸ ਵਿਭਾਗ ਨੇ ਚੋਣਾਂ ਦਾ ਇੰਤਜਾਰ ਕਰਨ ਦੀ ਬਜਾਏ, ਕਿਉਂ ਬੀਤੇ ਦੋ ਸਾਲਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਦਾਇਰ ਕੀਤੀ। ਇਹ ਦੋਸ਼ ਪੂਰੀ ਤਰ੍ਹਾਂ ਨਾਲ ਸਾਜਿਸ਼ ਹੇਠ ਲਗਾਏ ਗਏ ਹਨ ਅਤੇ ਅਦਾਲਤ 'ਚ ਸੱਚ ਸਾਹਮਣੇ ਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜਿਹੀਆਂ ਛੋਟੀਆਂ ਹਰਕਤਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ-ਸ੍ਰੋਮਣੀ ਅਕਾਲੀ ਦਲ ਲਈ ਸਹਾਇਕ ਸਿੱਧ ਨਹੀਂ ਹੋਵੇਗੀ, ਜਿਹੜੀਆਂ ਆਉਂਦੀਆਂ ਵਿਧਾਂਨ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਨਾਲ ਸਫਾਏ ਦਾ ਸਾਹਮਣਾ ਕਰਨ ਜਾ ਰਹੀਆਂ ਹਨ। ਲੇਕਿਨ ਬਦਲੇ ਦੇ ਕਦਮ ਜੇਤਲੀ ਤੇ ਕੇਂਦਰ ਦੀ ਮੋਦੀ ਸਰਕਾਰ ਸਮੇਤ ਸੂਬੇ 'ਚ ਬਾਦਲਾਂ 'ਤੇ ਉਲਟੇ ਪੈਣਗੇ।