ਚੰਡੀਗੜ੍ਹ, 17 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਇਕ ਰਾਜਨੀਤਕ ਮੁੱਦਾ ਦੱਸਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਕੋਈ ਰਾਜਸੀ ਮੁੱਦਾ ਨਹੀਂ ਬਲਕਿ ਪੰਜਾਬ ਤੇ ਪੰਜਾਬੀ ਕਿਸਾਨਾਂ ਦੇ ਜੀਵਨ ਦੀ ਹੋਂਦ ਨਾਲ ਜੁੜਿਆ ਮਾਮਲਾ ਹੈ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਆਪਣੇ ਕੀਮਤੀ ਪਾਣੀ ਨੂੰ ਬਚਾ ਕੇ ਆਪਣੀ ਜੀਵਨ ਰੇਖਾ ਲਈ ਵੱਡਾ ਸੰਘਰਸ਼ ਲੜ ਰਿਹਾ ਹੈ, ਉਦੋਂ ਆਪ ਲੀਡਰਸ਼ਿਪ ਇਸ ਮਾਮਲੇ ਨੂੰ ਰਾਜਨੀਤਕ ਮੁੱਦਾ ਕਰਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਵੱਲੋਂ ਕੀਤੇ ਗਲਤ, ਤਰਕਹੀਣ ਤੇ ਬਦਦਿਮਾਗ ਫੈਸਲਿਆਂ ਦੀ ਬਦੌਲਤ ਪੰਜਾਬ ਪਹਿਲਾਂ ਹੀ ਆਪਣੇ ਪਾਣੀ ਦਾ ਵੱਡਾ ਹਿੱਸਾ ਗੈਰ ਰਾਏਪੇਰੀਅਨ ਰਾਜਾਂ ਕੋਲ ਗੁਆ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਹੁਣ ਪੰਜਾਬੀਆਂ ਦੀ ਹੋਂਦ ਨਾਲ ਜੁੜੇ ਇਸ ਬੇਹੱਦ ਭਾਵੁਕ ਮਾਮਲੇ ਨੂੰ ਰਾਜਨੀਤਕ ਮੁੱਦਾ ਕਰਾਰ ਦੇ ਰਹੇ ਹਨ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਦੀ ਲੀਡਰਸ਼ਿਪ ਨੇ ਹੁਣ ਤੋਂ ਹੀ ਰਾਜ ਦੇ ਖਿਲਾਫ ਸੁਰ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਉਹ ਚੋਣਾਂ ਹੀ ਲੜ ਰਹੀ ਹੈ ਅਤੇ ਜੇਕਰ ਇਸਨੇ ਰਾਜ ਵਿਚ ਸੱਤਾ ਹਥਿਆ ਲਈ ਤਾਂ ਫਿਰ ਕੀ ਬਣੇਗਾ ਇਹ ਹਰ ਕਿਸੇ ਨੂੰ ਸਪਸ਼ਟ ਹੈ। ਉਹਨਾਂ ਕਿਹਾ ਕਿ ਆਪ ਖਾਸ ਤੌਰ 'ਤੇ ਸ੍ਰੀ ਕੇਜਰੀਵਾਲ ਰਾਜ ਨੂੰ ਇਸਦੇ ਪਾਣੀਆਂ ਤੋਂ ਵਾਂਝਾ ਕਰਨਾ ਚਾਹੁੰਦੇ ਹਨ ਤਾਂ ਕਿ ਰਾਜ ਵਿਚ ਬਹੁਤ ਔਖੀ ਕਾਇਮ ਰੱਖੀ ਗਈ ਸ਼ਾਂਤੀ ਭੰਗ ਕੀਤੀ ਜਾ ਸਕੇ ਜੋ ਕਿ ਇਸ ਨਵੀਂ ਪਾਰਟੀ ਦਾ ਮੁੱਖ ਮਕਸਦ ਹੈ।
ਦਿੱਲੀ ਆਧਾਰਿਤ ਪਾਰਟੀ 'ਤੇ ਰਾਜ ਵਿਚ ਫਿਰਕੂ ਸਦਭਾਵਨਾ ਤੇ ਸ਼ਾਂਤੀ ਭੰਗ ਕਰਨ ਦੇ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਆਪ ਦੇ ਦਿੱਲੀ ਵਿਧਾਇਕ ਦੀ ਗ੍ਰਿਫਤਾਰੀ ਮਗਰੋਂ ਰਾਜ ਵਿਚ ਬੇਅਦਬੀ ਦੀਆਂ ਘਟਨਾਵਾਂ ਤੁਰੰਤ ਬੰਦ ਹੋ ਗਈਆਂ ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਰਾਜ ਵਿਚ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਪਿੱਛੇ ਆਪ ਦਾ ਹੱਥ ਹੈ। ਉਹਨਾ ਕਿਹਾ ਕਿ ਇਹ ਪਾਰਟੀ ਕਾਂਗਰਸ ਦੀਆਂ ਲੀਹਾਂ 'ਤੇ ਚਲ ਰਹੀ ਹੈ ਜਿਸਦਾ ਏਜੰਡਾ ਵੀ ਸਮਾਜ ਵਿਚ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਹੈ।
ਰਾਜ ਦੇ ਆਗੂਆਂ ਦੇ ਕੰਮ ਦੇ ਮੁਲਾਂਕਣ ਲਈ ਗੈਰ ਪੰਜਾਬੀਆਂ ਨੂੰ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਪ ਪੰਜਾਬ ਦੇ ਇਤਿਹਾਸ ਵਿਚ ਇਕਲੌਤੀ ਪਾਰਟੀ ਹੈ ਜਿਸਨੇ ਹਰ ਵੇਲੇ ਕੰਮ ਕਰਨ ਵਾਲੇ ਗੈਰ ਪੰਜਾਬੀ ਨੂੰ ਰਾਜ ਦਾ ਇੰਚਾਰਜ ਨਿਯੁਕਤ ਕੀਤਾ ਹੈ। ਉਹਨਾ ਕਿਹਾ ਕਿ ਕੇਜਰੀਵਾਲ ਤੇ ਜੁੰਡਲੀ ਜਾਣਦੇ ਹਨ ਕਿ ਇਕ ਪੰਜਾਬੀ ਵਿਅਕਤੀ ਕਦੇ ਵੀ ਉਹਨਾਂ ਦੇ ਹੁਕਮਾਂ ਅਨੁਸਾਰ ਪੰਜਾਬ ਖਿਲਾਫ ਕੰਮ ਨਹੀਂ ਕਰੇਗਾ। ਉਹਨਾਂ ਕਿਹਾ ਕਿ ਆਪ ਲੀਡਰਸ਼ਿਪ ਦਾ ਮਕਸਦ ਰਾਜ ਵਿਚ ਸ਼ਾਂਤੀ ਭੰਗ ਕਰ ਕੇ ਹਰ ਘਟਨਾ ਵਿਚੋਂ ਸਿਆਸੀ ਲਾਹਾ ਹਾਸਲ ਕਰਨਾ ਹੈ ਤੇ ਉਹਨਾਂ ਨੂੰ ਰਾਜ ਦੇ ਵਿਕਾਸ ਨਾਲ ਕੋਈ ਸਰੋਕਾਰ ਨਹੀਂ ਹੈ।