ਫੋਟੋ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ।
ਪਟਿਆਲਾ, 10 ਨਵਬੰਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਪਰੀਮ ਕੋਰਟ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਮੰਦਭਾਗਾ ਅਤੇ ਗੈਰ ਵਿਧਾਨਿਕ ਕਰਾਰ ਦਿੰਦਿਆਂ ਕਿਹਾ ਕਿ ਮਾਣਯੋਗ ਅਦਾਲਤਾਂ ਨੂੰ ਵਿਧਾਨਾ ਦੇ ਮੁਤਾਬਕ ਹੀ ਫੈਸਲੇ ਦੇਣੇ ਚਾਹੀਦੇ ਹਨ। ਜਦੋਂ ਦੇਸ਼ ਦਾ ਵਿਧਾਨ ਪੰਜਾਬ ਨੂੰ ਪਾਣੀ ਦੀ ਮਾਲਕੀ ਦਾ ਹੱਕ ਦਿੰਦਾ ਹੈ ਤਾਂ ਕਿਸੇ ਅਸਰ ਹੇਠ ਆ ਕੇ ਪੰਜਾਬ ਵਿਰੋਧੀ ਫੈਸਲਾ ਕਿਸ ਤਰਾਂ ਦੇ ਸਕਦੇ ਹਨ।
ਪ੍ਰੋ.ਚੰਦੂਮਾਜਰਾ ਕਾਂਗਰਸੀਆਂ ਨੂੰ ਕਿਹਾ ਕਿ ਜੇਕਰ ਸਹੀ ਅਰਥਾਂ ਵਿਚ ਪੰਜਾਬ ਨਾਲ ਰੱਤੀ ਭਰ ਵੀ ਲਗਾਵ ਹੈ ਤਾਂ ਵਿਧਾਇਕ ਅਤੇ ਮੈਂਬਰ ਪਾਰਲੀਮੈਂਟਾਂ ਦੇ ਆਹੁਦਿਆਂ ਦੀ ਬਜਾਏ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫੇ ਦੇਣ, ਕਿਉਂÎਕਿ ਐਲ.ਵਾਈ.ਐਲ. ਕਾਂਗਰਸ ਦੀ ਦੇਣ ਹੈ ਅਤੇ ਪੰਜਾਬ ਲਈ ਇਹ ਕੰਡੇ ਕਾਂਗਰਸ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬੀਜੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀ ਜਿਹੜੇ ਅਸਤੀਫੇ ਦੇ ਕੇ ਡਰਾਮੇਬਾਜ਼ੀ ਕਰ ਰਹੇ ਹਨ ਉਸ ਨਾਲ ਕਾਂਗਰਸ ਵੱਲੋਂ ਐਸ.ਵਾਈ.ਐਲ ਦੇ ਮਾਮਲੇ 'ਤੇ ਪੰਜਾਬ ਨਾਲ ਕੀਤੇ ਵਿਸਵਾਸ਼ਘਾਤ ਅਤੇ ਗੱਦਾਰੀ ਦਾ ਧੱਬਾ ਨਹੀਂ ਧੋਇਆ ਜਾ ਸਕਦਾ। ਕਿਉਂਕਿ ਕਾਂਗਰਸ ਨੇ ਹੀ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੇ ਲੋਕਾਂ ਦਾ ਹੱਕਾਂ 'ਤੇ ਡਾਕਾ ਮਾਰਿਆ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਜਨਤਾ ਦੀ ਅਦਾਲਤ ਦੇ ਫੈਸਲੇ ਨਾਲ ਹੋਈ ਸੀ ਤੇ ਇਹ ਜਨਤਾ ਦੀ ਅਦਾਲਤ ਦੇ ਫੈਸਲਿਆਂ ਅਨੁਸਾਰ ਹੀ ਕੰਮ ਕਰਦਾ ਆਇਆ ਹੈ ਤੇ ਕਰਦਾ ਰਹੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਵਾਸਤੇ ਅੱਗੇ ਹੋ ਕੇ ਲੜਾਈ ਲੜੀ ਹੈ ਤੇ ਲੜਦਾ ਰਹੇਗਾ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਪੰਜਾਬ ਦੇ ਲੋਕ ਹੀ ਸਭ ਕੁਝ ਹਨ ਅਤੇ ਜੋ ਕੋਈ ਵੀ ਫੈਸਲਾ ਪੰਜਾਬ ਦੇ ਲੋਕਾਂ ਦੇ ਉਲਟ ਹੋਵੇ ਭਾਵੇਂ ਉਹ ਅਦਾਲਤਾਂ ਦਾ ਹੋਵੇ ਜਾਂ ਫਿਰ ਕੇਂਦਰ ਸਰਕਾਰ ਜਾਂ ਕਿਸੇ ਵੀ ਕੌਮਾਂਤਰੀ ਏਜੰਸੀ ਦਾ, ਇਸਦਾ ਅਕਾਲੀ ਦਲ ਡੱਟਵਾਂ ਵਿਰੋਧ ਕਰੇਗਾ ਕਿਉਂਕਿ ਪੰਜਾਬ ਦੇ ਲੋਕ ਅਕਾਲੀ ਦਲ ਵਾਸਤੇ ਸਭ ਤੋਂ ਉਪਰ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੁਨੀਆ ਭਰ ਵਿਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਕਿ ਗੈਰ ਰਾਈਪੇਰੀਅਨ ਰਾਜਾਂ ਨੂੰ ਕੁਦਰਤੀ ਪਾਣੀ ਦੇ ਸਰੋਤਾਂ ਵਿਚੋਂ ਹੱਕ ਦਿੱਤਾ ਜਾਵੇ ਪਰ ਇਹ ਕਾਂਗਰਸ ਪਾਰਟੀ ਹੀ ਸੀ ਜਿਸਨੇ ਪੰਜਾਬ ਨਾਲ ਇਹ ਧੱਕੇਸ਼ਾਹੀ ਕੀਤੀ ਤੇ ਕੌਮਾਂਤਰੀ ਪੱਧਰ 'ਤੇ ਅਜਿਹੀ ਧੱਕੇਸ਼ਾਹੀ ਦੀ ਉਦਾਹਰਣ ਪੇਸ਼ ਕੀਤੀ। ਉਹਨਾਂ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਹਰ ਤਰਾਂ ਦੇ ਸੰਘਰਸ਼ ਵਾਸਤੇ ਤਿਆਰ ਰਹਿਣ ਕਿਉਂਕਿ ਹੁਣ ਪੰਜਾਬ ਵਾਸਤੇ ਲੜ ਮਰਨ ਦਾ ਸਮਾਂ ਆ ਗਿਆ ਹੈ।