ਚੰਡੀਗੜ੍ਹ, 12 ਨਵੰਬਰ, 2016 : ਪੰਜਾਬ ਕਾਂਗਰਸ ਆਪਣੀ ਐਸ.ਵਾਈ.ਐਲ ਵਿਰੋਧੀ ਮੁਹਿੰਮ ਨੂੰ ਹੋਰ ਉਚਾਈਆਂ 'ਤੇ ਲੈ ਜਾਂਦਿਆਂ ਐਤਵਾਰ ਨੂੰ ਲਿੰਕ ਨਹਿਰ ਦੀ ਅਸਲੀ ਜਮੀਨ 'ਤੇ ਵਿਸ਼ਾਲ ਰੈਲੀ ਵਜੋਂ ਧਾਵਾ ਬੋਲਣ ਨੂੰ ਤਿਆਰ ਹੈ। ਪਾਰਟੀ ਐਤਵਾਰ ਨੂੰ ਸਵੇਰੇ 10.30 ਵਜੇ ਤੋਂ ਅਬੋਹਰ ਤੋਂ ਕਰੀਬ 15 ਕਿਲੋਮੀਟਰ ਦੂਰ ਅਬੋਹਰ-ਗੰਗਾਨਗਰ ਮੇਨ ਹਾਈਵੇ ਰੋਡ ਸਥਿਤ ਪਿੰਡ ਖੂਈਆਂ ਸਰਵਰ ਵਿਖੇ ਐਸ.ਵਾਈ.ਐਲ ਦੇ ਮੁੱਦੇ 'ਤੇ ਵਿਸ਼ਾਲ ਰੈਲੀ ਕਰਨ ਨੂੰ ਤਿਆਰ ਹੈ। ਫਾਜ਼ਿਲਕਾ ਜ਼ਿਲ੍ਹੇ ਦਾ ਇਹ ਪਿੰਡ ਖੂਈਆਂ ਸਰਵਰ, ਜਿਹੜਾ ਅਬੋਹਰ ਤਹਿਸੀਲ 'ਚ ਇਕ ਸਬ-ਤਹਿਸੀਲ ਵੀ ਹੈ, ਸੁਪਰੀਮ ਕੋਰਟ ਦੇ ਐਸ.ਵਾਈ.ਐਲ ਲਾਗੂ ਕਰਨ ਦੇ ਫੈਸਲੇ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋਵੇਗਾ।
ਇਸ ਲੜੀ ਹੇਠ ਪੂਰੀ ਪਰਾਟੀ ਅਗਵਾਈ ਹਜ਼ਾਰਾਂ ਦੀ ਗਿਣਤੀ 'ਚ ਵਰਕਰਾਂ ਨਾਲ ਸੁਪਰੀਮ ਕੋਰਟ 'ਚ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ 'ਚ ਬਾਦਲ ਸਰਕਾਰ ਦੀ ਨਾਕਾਮੀ ਖਿਲਾਫ ਪ੍ਰਦਰਸ਼ਨ ਕਰੇਗੀ। ਜਿਸਦੇ ਕਾਰਨ ਇਸ ਹਫਤੇ ਦੀ ਸ਼ੁਰੂਆਤ 'ਚ ਸੁਪਰੀਮ ਕੋਰਟ ਦਾ ਫੈਸਲਾ ਗੁਆਂਢੀ ਸੂਬੇ ਹਰਿਆਣਾ ਦੇ ਹੱਕ 'ਚ ਜਾਣ ਨਾਲ ਪੰਜਾਬ ਨੂੰ ਇਕ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ।
ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸੁਨੀਲ ਜਾਖੜ ਮੁਤਾਬਿਕ ਕੇਂਦਰੀ ਪਾਰਟੀ ਆਗੂਆਂ ਨਾਲ ਸੂਬੇ ਭਰ ਤੋਂ ਕਾਂਗਰਸੀ ਆਗੂ ਤੇ ਵਰਕਰ ਰੈਲੀ 'ਚ ਹਿੱਸਾ ਲੈਣਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਐਸ.ਵਾਈ.ਐਲ ਦੇ ਮੁੱਦੇ 'ਤੇ ਅਕਾਲੀਆਂ ਦੀ ਲਾਪਰਵਾਹੀ ਖਿਲਾਫ ਸ਼ਕਤੀ ਪ੍ਰਦਰਸ਼ਨ ਦੀ ਅਗਵਾਈ ਕਰਨਗੇ।
ਇਸ ਮੌਕੇ ਹੋਰਨਾਂ ਸੀਨੀਅਰ ਆਗੂਆਂ ਤੋਂ ਇਲਾਵਾ, ਰੈਲੀ 'ਚ ਏ.ਆਈ.ਸੀ.ਸੀ ਜਨਰਲ ਸਕੱਤਰ ਅੰਬਿਕਾ ਸੋਨੀ, ਏ.ਆਈ.ਸੀ.ਸੀ ਜਨਰਲ ਸਕੱਤਰ ਆਸ਼ਾ ਕੁਮਾਰੀ, ਮੈਂਬਰ ਰਾਜ ਸਭਾ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ, ਪੰਜਾਬ ਕਾਂਗਰਸ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਕਾਂਗਰਸੀ ਵਿਧਾਇਕ ਪਰਨੀਤ ਕੌਰ, ਮੈਂਬਰ ਲੋਕ ਸਭਾ ਸੰਤੋਖ ਚੌਧਰੀ ਤੇ ਰਵਨੀਤ ਬਿੱਟੂ ਵੀ ਸ਼ਾਮਿਲ ਹੋਣਗੇ।
ਰੈਲੀ ਦਾ ਉਦੇਸ਼ ਸੂਬੇ ਦੀ ਬਾਦਲ ਸਰਕਾਰ ਸਮੇਤ ਕੇਂਦਰ ਦੀ ਮੋਦੀ ਸਰਕਾਰ ਨੂੰ ਸਾਫ ਤੇ ਸਪੱਸ਼ਟ ਸੰਦੇਸ਼ ਦੇਣਾ ਹੈ ਕਿ ਪੂਰੀ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹੀ ਹੈ। ਰੈਲੀ ਖੇਤਰ ਦੇ ਲੋਕਾਂ ਨੂੰ ਸਾਫ ਸੰਦੇਸ਼ ਦੇਵੇਗੀ ਕਿ ਅਗਾਮੀ ਵਿਧਾਨ ਸਭਾ ਚੋਣਾਂ 'ਚ ਦੋ ਤਿਹਾਈ ਬਹੁਮਤ ਨਾਲ ਸੱਤਾ 'ਚ ਵਾਪਿਸੀ ਕਰਨ ਤੋਂ ਬਾਅਦ ਕਾਂਗਰਸ ਉਨ੍ਹਾਂ ਦੇ ਹਿੱਤਾਂ ਦੀ ਹਰ ਕੀਮਤ 'ਤੇ ਰਾਖੀ ਕਰੇਗੀ।
ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਲੋਕਾਂ ਨੂੰ ਸਪੱਸ਼ਟ ਸ਼ਬਦਾਂ 'ਚ ਭਰੋਸਾ ਦਿੱਤਾ ਜਾਵੇਗਾ ਕਿ ਕਾਂਗਰਸ ਖੇਤਰ ਨੂੰ ਪਾਣੀ ਦੀ ਕਮੀ ਕਾਰਨ ਸੂਕੇ ਜਾਂ ਰੇਤ ਦੇ ਟਿੱਲਿਆਂ 'ਚ ਤਬਦੀਲ ਨਹੀਂ ਹੋਣ ਦੇਵੇਗੀ, ਜੋ ਐਸ.ਵਾਈ.ਐਲ ਉਪਰ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਹੋਣਾ ਨਿਸ਼ਚਿਤ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਵੇਚਣ ਵਾਲੇ ਅਕਾਲੀਆਂ ਨੂੰ ਟਾਰਗੇਟ ਕਰੇਗੀ ਤੇ ਉਕਤ ਮੁੱਦੇ 'ਤੇ ਬਾਦਲਾਂ ਦੇ ਦੋਗਲੇਪਣ ਦਾ ਪਰਦਾਫਾਸ਼ ਕਰੇਗੀ। ਇਹ ਉਕਤ ਗੰਭੀਰ ਮੁੱਦੇ 'ਤੇ ਐਨ.ਡੀ.ਏ ਸਰਕਾਰ ਦੇ ਅਸੰਵੇਦਨਸ਼ੀਲ ਰਵੱਈਏ ਦੀ ਪੋਲ ਵੀ ਖੋਲ੍ਹੇਗੀ।
ਪੰਜਾਬ ਕਾਂਗਰਸ ਕਮੇਟੀ ਦੇ ਆਗੂ ਨੇ ਕਿਹਾ ਕਿ ਕਾਂਗਰਸ ਇਸ ਵਿਸ਼ਾਲ ਰੈਲੀ ਰਾਹੀਂ ਸੂਬੇ ਦੇ ਲੋਕਾਂ ਨੂੰ ਐਨ.ਡੀ.ਏ ਸਰਕਾਰ ਦੇ ਵਿਸ਼ੇਸ਼ ਸਿਆਸੀ ਹਿੱਤਾਂ ਬਾਰੇ ਦੱਸੇਗੀ, ਜਿਹੜੀ ਆਪਣੀ ਦੂਸ਼ਿਤ ਪੰਜਾਬ ਵਿਰੋਧੀ ਨੀਤੀਆਂ ਜਰੀਏ ਪੰਜਾਬ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਕਾਂਗਰਸ ਵਿਧਾਇਕ ਧਿਰ ਦੀ ਮੀਟਿੰਗ ਦੌਰਾਨ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਇਸ ਸਬੰਧ 'ਚ ਅਯੋਜਨਾਂ ਲਈ ਜ਼ਿੰਮੇਵਾਰੀ ਜਾਖੜ ਨੂੰ ਸੌਂਪੀ ਗਈ ਸੀ।