ਚੰਡੀਗੜ੍ਹ, 13 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਪ੍ਰਸਤਾਵਿਤ ਪੰਜਾਬ ਦੌਰੇ ਨੂੰ ਰੱਦ ਕਰਨ ਦੇ ਫੈਸਲੇ ਨੇ ਸਾਫ ਸੰਦੇਸ਼ ਦੇ ਦਿੱਤਾ ਹੈ ਕਿ ਉਹ ਐਸ.ਵਾਈ.ਐਲ ਦੇ ਮੁੱਦੇ 'ਤੇ ਸੂਬੇ ਨਾਲ ਨਹੀਂ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਐਸ.ਵਾਈ.ਐਲ ਉਪਰ ਫੈਸਲੇ 'ਤੇ ਲਗਾਤਾਰ ਚੁੱਪੀ ਬਣਾਏ ਰੱਖਣ ਦੌਰਾਨ ਸੰਭਾਵਨਾ ਮੁਤਾਬਿਕ ਸੂਬੇ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ, ਜਿਹੜਾ ਇਸ ਅਹਿਮ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਦੀਆਂ ਮੁਸ਼ਕਿਲਾਂ ਹੋਰ ਵਧਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਾ ਵਤੀਰਾ ਮੁਸ਼ਕਿਲਾਂ ਤੋਂ ਭੱਜਣ ਦੀ ਉਨ੍ਹਾਂ ਦੀ ਆਦਤ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ।
ਇਥੇ ਜ਼ਾਰੀ ਬਿਆਨ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਫੈਸਲਾ ਆਏ ਨੂੰ 72 ਘੰਟੇ ਬੀਤ ਜਾਣ ਤੇ ਮਾਮਲੇ 'ਚ ਉਨ੍ਹਾਂ ਵੱਲੋਂ ਟਿੱਪਣੀ ਨਾ ਕਰਨ ਕਰਕੇ ਵੱਡੇ ਪੱਧਰ 'ਤੇ ਅਲੋਚਨਾ ਹੋਣ ਦੇ ਬਾਵਜੂਦ ਕੇਜਰੀਵਾਲ ਨੇ ਐਸ.ਵਾਈ.ਐਲ 'ਤੇ ਚੁੱਪੀ ਬਣਾਏ ਰੱਖੀ ਹੈ। ਇਸਨੇ ਐਸ.ਵਾਈ.ਐਲ ਦੇ ਗੰਭੀਰ ਮੁੱਦੇ 'ਤੇ ਉਨ੍ਹਾਂ ਦੇ ਦੁਹਰੇ ਮਾਪਦੰਡਾਂ ਨੂੰ ਸਾਹਮਣੇ ਲਿਆ ਦਿੱਤਾ ਹੈ। ਕੇਜਰੀਵਾਲ ਬੀਤੇ ਕਈ ਹਫਤਿਆਂ ਤੋਂ ਉਕਤ ਮੁੱਦੇ 'ਤੇ ਟਾਲਮਟੋਲ ਕਰ ਰਹੇ ਹਨ ਅਤੇ ਇਹ ਸਾਫ ਤੌਰ 'ਤੇ ਦਿੱਲੀ 'ਚ ਆਪਣੀ ਸਰਕਾਰ ਨੂੰ ਬਚਾਏ ਰੱਖਣ ਤੇ ਆਪਣੇ ਜਨਮ ਅਸਥਾਨ ਹਰਿਆਣਾ ਦੇ ਲੋਕਾਂ ਨੂੰ ਵੀ ਖੁਸ਼ ਰੱਖਣ ਦੀ ਉਨ੍ਹਾਂ ਦੀ ਕੋਸ਼ਿਸ਼ ਦਾ ਹਿੱਸਾ ਹੈ।
ਲੇਕਿਨ ਇਸ ਪ੍ਰੀਕ੍ਰਿਆ 'ਚ ਕੇਜਰੀਵਾਲ ਆਪਣਾ ਚੇਹਰਾ ਖੋਹ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਰਹਿਣਾ ਪੈ ਰਿਹਾ ਹੈ। ਪੰਜਾਬ ਕਾਂਗਰਸ ਦੇ ਆਗੂ ਨੇ ਕਿਹਾ ਕਿ ਇਸ ਮਾਮਲੇ 'ਤੇ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੀ ਸੱਚਾਈ ਹੁਣ ਕੰਧ 'ਤੇ ਲਿੱਖ ਗਈ ਹੈ। ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਰਿਲੀਜ਼ ਕਰਨਾ ਇਨ੍ਹਾਂ ਲਈ ਕਿਸੇ ਵੀ ਤਰੀਕੇ ਨਾਲ ਸਹਾਇਕ ਨਹੀਂ ਸਾਬਤ ਹੋਣ ਵਾਲਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਆਪਣੇ ਬੀਤੇ ਦੌਰੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਦਲਿਤ ਮੈਨਿਫੈਸਟੋ ਰਿਲੀਜ਼ ਕਰਨ ਤੋਂ ਤੁਰੰਤ ਬਾਅਦ ਕੇਜਰੀਵਾਲ ਆਪਣੇ ਪਾਰਟੀ ਵਰਕਰਾਂ ਨੂੰ ਵਿੱਚ ਵਿਚਾਲੇ ਛੱਡ ਕੇ ਗਾਇਬ ਹੋ ਗਏ ਹਨ। ਸਪੱਸ਼ਟ ਤੌਰ 'ਤੇ ਆਪ ਆਗੂ ਨੇ ਪੰਜਾਬ ਦੇ ਲੋਕਾਂ ਸਮੇਤ ਵਿਸ਼ੇਸ਼ ਤੌਰ 'ਤੇ ਆਪਣੇ ਪਾਰਟੀ ਵਰਕਰਾਂ ਸਾਹਮਣੇ ਉਨ੍ਹਾਂ ਦੇ ਵਿਸ਼ੇਸ਼ ਹਿੱਤਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰੇਕ ਮੁੱਦੇ 'ਤੇ ਆਪਣਾ ਪੱਖ ਰੱਖਣ ਵਾਲੇ ਇਕ ਵਿਅਕਤੀ ਲਈ, ਜਿਸਨੇ ਮੋਦੀ ਸਰਕਾਰ ਦੇ ਨੋਟ ਬਦਲਣ ਦੇ ਫੈਸਲੇ ਉਪਰ ਪ੍ਰਤੀਕ੍ਰਿਆ ਦਰਜ਼ ਕਰਨ ਲਈ ਇਕ ਮਿੰਟ ਦਾ ਵਕਤ ਨਹੀਂ ਲਿਆ, ਐਸ.ਵਾਈ.ਐਲ ਉਪਰ ਪੂਰੀ ਤਰ੍ਹਾਂ ਚੁੱਪੀ ਬਣਾਏ ਰੱਖਣਾ ਸਮਝ ਤੋਂ ਪਰੇ ਹੈ।
ਜਿਸ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਕੇਜਰੀਵਾਲ ਨੂੰ ਐਸ.ਵਾਈ.ਐਲ ਦੇ ਮੁੱਦੇ 'ਤੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਨ ਕਿ ਕੀ ਤੁਸੀਂ ਇਸ ਮੁੱਦੇ 'ਤੇ ਪੰਜਾਬ ਦੇ ਨਾਲ ਹੋ ਜਾਂ ਫਿਰ ਨਹੀਂ ਜਾਂ ਫਿਰ ਤੁਹਾਡੀ ਵਫਾਦਾਰੀ ਦਿੱਲੀ ਤੇ ਹਰਿਆਣਾ ਵੱਲ ਹੈ?
ਦੂਜੇ ਪਾਸੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂ ਦੀਆਂ ਨਜ਼ਰਾਂ ਪੰਜਾਬ ਦੀ ਸੱਤਾ 'ਤੇ ਹਨ, ਲੇਕਿਨ ਇਸਦੇ ਉਲਟ ਉਹ ਆਪਣੀਆਂ ਹਰਕਤਾਂ ਰਾਹੀਂ ਲਗਾਤਾਰ ਦਰਸਾ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਹਿੱਤਾਂ ਬਾਰੇ ਚਿੰਤਾ ਨਹੀਂ ਹੈ। ਸਪੱਸ਼ਟ ਤੌਰ 'ਤੇ ਕੇਜਰੀਵਾਲ ਦਾ ਧਿਆਨ ਆਪਣੇ ਖੁਦ ਦੇ ਹਿੱਤਾਂ ਨੂੰ ਅੱਗੇ ਵਧਾਉਣ ਵੱਲ ਹੈ।